ਮੇਰਾ ਅੱਖਾਂ ਨਾਲ ਇਜ਼ਹਾਰ ਕਰਨਾ,
ਤੇਰਾ ਹੱਸ ਕੇ ਹਾਮੀ ਭਰ ਦੇਣਾ।
ਇਸ ਕੁਵੱਲੇ ਇਸ਼ਕ ਨੂੰ,
ਆਪਾਂ ਏਦਾਂ ਹੀ ਸਿੱਧਾ ਕਰ ਲੈਣਾ।
ਮੈਂ ਮਖੌਲ ਮਖੌਲ ਚ ਚੁੱਪ ਚਪੀਤੇ,
ਤੇਰੇ ਪਿੱਛੇ ਆਕੇ ਖਲੋ ਜਾਣਾ,
ਤੇਰਾ ਤਖ਼ਤੀ ਤੇ ਮੇਰਾ ਨਾਂ ਲਿਖ ਕੇ,
ਬੱਸ ਮੈਥੋਂ ਮੈਥੋਂ ਲਕੋ ਲੈਣਾ ।
ਕੋਈ ਕੰਮ ਦਾ ਬਹਾਨਾ ਜੇਹਾ ਕਰਕੇ,
ਤੇਰੇ ਨਾਲ ਕੁਰਸੀ ਆ ਡਾਹ ਬਹਿਣਾ,
ਫਿਰ ਢੂੰਗੀ ਜਿਹੀ ਕੋਈ ਗੱਲ ਛੇੜਕੇ,
ਤੇਰਾ ਲੁੱਕ ਲੁੱਕ ਕੇ ਮੈਨੂੰ ਤੱਕਣਾ।
ਮੈਂ ਸੋਚ ਸਮਝ ਕੇ ਅਣਗਿਹਲੀ ਵਿਚ,
ਤੇਰੇ ਹੱਥ ਤੇ ਹੱਥ ਧਰ ਦੇਣਾ।
ਤੂੰ ਹੈਰਾਨ ਜੇਹਾ ਹੋਕੇ ਹੱਥ ਝਿੜਕਣਾ,
ਪਰ ਕਸਕੇ ਬਾਹ ਫੜ ਲੈਣਾ ।
ਮੇਰੇ ਕੁੱਛ ਬੋਲਣ ਤੋਂ ਪਹਿਲਾਂ,
ਮੇਰੇ ਦਿਲ ਦੀ ਗੱਲ ਪੜ੍ਹ ਲੈਣਾ ।
ਤੇਰਾ ਇਸ਼ਕ ਨੂੰ ਰੱਬ ਮਨਾ ਲੈਣਾ,
ਤੇਰਾ ਦਰਦ ਨੂੰ ਨੇਮਤ ਮੰਨ ਲੈਣਾ।
ਕੋਈ ਫੁੱਲ ਗੁਲਾਬੀ ਸਿਰ ਮੱਥੇ,
ਕਦੀ ਹੀਰਿਆਂ ਨੂੰ ਨਜ਼ਰੀਂ ਲਾਹ ਦੇਣਾ ।
ਤੇਰਾ ਬੋਚ ਬੋਚ ਕੇ ਪੱਬ ਰੱਖਣਾ,
ਅੱਖਾਂ ਨਾਲ ਸ਼ੇਰ ਸੁਣਾ ਦੇਣਾ।
ਦੁਨੀਆ ਸਾਵੇਂ ਲੱਖ ਸਿਆਣਪ,
ਮੇਰੇ ਸਾਹਵੇਂ ਜਵਾਕ ਜੇਹਾ ਹੋ ਜਾਣਾ।
ਮੇਰੇ ਖੱਬੇ ਮੋਢੇ ਨੂੰ ਸਿਰਹਾਣਾ ਰੱਖ ਕੇ,
ਤੇਰਾ ਐਨਕਾਂ ਲਾ ਕੇ ਸੋਂ ਜਾਣਾ।
ਰੱਬ ਦਿੰਦਾ ਹੈ ਸਭਨੂੰ ਰੰਗ ਵੱਖਰਾ,
ਆਪਾਂ ਮਿਲਕੇ ਇਹ ਭੇਦ ਭੁਲਾ ਦੇਣਾ।
ਤੂੰ ਮੇਰੇ ਰੰਗ ਵਿਚ ਰੰਗ ਗਈ ਏ,
ਮੈ ਤੇਰੇ ਰੰਗ ਵਿਚ ਰਹਿ ਜਾਣਾ।
ਮਿੱਟੀ ਦਾ ਦਸਤੂਰ ਜਿਵੇਂ,
ਜਿਧਰ ਦਰਿਆ ਨੇ ਲੈ ਜਾਣਾ।
ਤੂੰ ਮੇਰੀ ਮੰਜ਼ਿਲ ਬਣ ਗਈ ਏ,
ਮੈ ਤੇਰੇ ਰਾਹੇ ਪੈ ਜਾਣਾ ।