ਉਹਦੇ ਉਗਮਣ ਦੀ ਗੱਲ ਸੁਣ ਕੇ ਹੀ ਜੰਗਲ ਤਿਲਮਿਲਾ ਉੱਠਿਐ
ਜੀਹਨੂੰ ਸਦੀਆਂ ਤੋਂ ਦੱਬਿਆ ਸੀ ਉਹ ਕਿਸਰਾਂ ਲਹਿਲਹਾ ਉਠਿਐ।
ਹਿਜਰ ਵਿੱਚ ਬਲ਼ਦੀ 'ਰੂਹ' ਨੂੰ ਹੈ ਇਹ ਕੈਸੀ ਤਾਂਘ ਮਹਿਰਮ ਦੀ
ਕਿ ਦਸਤਕ ਦਰ 'ਤੇ ਹੋਈ ਹੈ ਤੇ ਸੀਨਾ ਥਰਥਰਾ ਉੱਠਿਐ।
ਕਿਸੇ ਕੋਈ ਸ਼ੇਅਰ ਇੰਜ ਪੜ੍ਹਿਐ ਜਾਂ ਮੇਰੇ ਈ ਆਉਣ ਦਾ ਸਦਕਾ
ਜੁ ਮਹਿਫਿ਼ਲ ਵਿੱਚ ਉਹਦਾ ਗ਼ਮਗੀਨ ਚਿਹਰਾ ਮੁਸਕੁਰਾ ਉੱਠਿਐ।
ਬੁਝੇ ਸਭ ਬਾਹਰ ਦੇ ਦੀਵੇ, ਜਦੋਂ ਝੁੱਲੇ ਸੀ ਝੱਖੜ ਪਰ
ਤਪੀ ਮੱਥੇ ਦੀ ਲੋਅ ਐਸੀ ਕਿ ਕਣ-ਕਣ ਜਗਮਗਾ ਉੱਠਿਐ।
ਅਜਬ ਹੈ ਗ਼ਜ਼ਲ ਦੀ ਧਰਤੀ, ਕਦੋਂ ਦੀ ਔੜ ਲੱਗੀ ਸੀ
ਤੇ ਹੁਣ ਇੰਜ ਵਰ੍ਹ ਰਿਹੈ ਜਿਉਂ ਪਾਣੀਆਂ ਵਿੱਚ ਜ਼ਲਜ਼ਲਾ ਉੱਠਿਐ।